ਨਵੀਂ ਦਿੱਲੀ: ਐਲੋਪੈਥੀ ’ਤੇ ਯੋਗ ਗੁਰੂ ਬਾਬਾ ਰਾਮਦੇਵ ਦੇ ਬਿਆਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਰਾਮਦੇਵ ਦੇ ਬਿਆਨ ਤੋਂ ਦੁਖੀ ‘ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ’ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਇਕ ਜੂਨ ਤੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਇਸ ਨੂੰ ‘ਕਾਲੇ ਦਿਨ’ ਦੇ ਤੌਰ ’ਤੇ ਮਨਾਉਣਗੇ। ਫੈਡਰੇਸ਼ਨ ਨੇ ਅਪਣੇ ਬਿਆਨ ਵਿਚ ਰਾਮਦੇਵ ਨੂੰ ‘ਬਿਨਾਂ ਸ਼ਰਤ ਮੁਆਫੀ ਮੰਗਣ ਲਈ’ ਵੀ ਕਿਹਾ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਇਲਾਜ ਵਿਚ ਵਰਤੀਆਂ ਜਾ ਰਹੀਆਂ ਕੁਝ ਦਵਾਈਆਂ ਉੱਤੇ ਸਵਾਲ ਚੁੱਕਦਿਆਂ ਰਾਮਦੇਵ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ‘ਐਲੋਪੈਥੀ ਦੀਆਂ ਦਵਾਈਆਂ ਖਾ ਕੇ ਲੱਖਾਂ ਲੋਕ ਮਰ ਚੁੱਕੇ’ ਹਨ।
ਇਸ ਬਿਆਨ ਨੂੰ ਲੈ ਕੇ ਰਾਮਦੇਵ ਨੂੰ ਕਾਫੀ ਅਲ਼ੋਚਨਾ ਦਾ ਸਾਹਮਣਾ ਕਰਨਾ ਪਿਆ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਵੀ ਉਹਨਾਂ ਦੇ ਬਿਆਨ ਨੂੰ ‘ਮੰਦਭਾਗਾ’ ਦੱਸਦੇ ਹੋਏ ਬਿਆਨ ਵਾਪਸ ਲੈਣ ਲਈ ਕਿਹਾ ਸੀ।
ਇਸ ਤੋਂ ਇਲਾਵਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਰਾਮਦੇਵ ਨੂੰ 1000 ਕਰੋੜ ਦਾ ਮਾਣਹਾਨੀ ਨੋਟਿਸ ਭੇਜਿਆ ਸੀ।